ਰੀਸਾਈਕਲਿੰਗ ਪ੍ਰਣਾਲੀ ਵਿੱਚ ਸੁਧਾਰ ਹੋ ਰਿਹਾ ਹੈ
ਵਿਕਟੋਰੀਆ ਦੀ ਰੀਸਾਈਕਲ ਕਰਨ ਦੀ ਪ੍ਰਣਾਲੀ ਵਿੱਚ ਵੱਡੇ ਬਦਲਾਅ ਹੋ ਰਹੇ ਹਨ। ਰਾਜ ਭਰ ਵਿੱਚ ਚੀਜ਼ਾਂ ਰੀਸਾਈਕਲ ਕਰਨ ਵਾਲੀਆਂ ਨਵੀਆਂ ਸੇਵਾਵਾਂ ਅਤੇ ਸਹਾਇਕ ਸਹੂਲਤਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਉਹ 2030 ਤੱਕ 80% ਕੂੜੇ-ਕਰਕਟ ਨੂੰ ਜ਼ਮੀਨ ਵਿੱਚ ਦੱਬਣ ਲਈ ਭੇਜੇ (ਲੈਂਡਫਿਲ ਵਿੱਚ) ਜਾਣ ਤੋਂ ਰੋਕਣ ਵਿੱਚ ਮੱਦਦ ਕਰਨਗੀਆਂ ਅਤੇ ਉਹਨਾਂ ਨੂੰ ਨਵੇਂ ਉਤਪਾਦਾਂ, ਜਿਵੇਂ ਕਿ ਸੱਕ (ਮਲਚ), ਕੱਚ ਦੇ ਜਾਰ ਅਤੇ ਸੜਕਾਂ ਵਿੱਚ ਬਦਲਣ ਲਈ ਪਹਿਲਾਂ ਨਾਲੋਂ ਜ਼ਿਆਦਾ ਸਮੱਗਰੀ ਪ੍ਰਾਪਤ ਕਰਨਗੀਆਂ।
ਇਸ ਲਈ, ਤੁਹਾਡੇ ਸਥਾਨਕ ਖੇਤਰ ਵਿਚਲੀਆਂ ਰੀਸਾਈਕਲ ਕਰਨ ਵਾਲੀਆਂ ਸੇਵਾਵਾਂ ਜਲਦੀ ਹੀ ਬਦਲ ਸਕਦੀਆਂ ਹਨ। ਕੁੱਝ ਕੌਂਸਲਾਂ ਨੇ ਪਹਿਲਾਂ ਹੀ ਨਵੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ, ਜਦੋਂ ਕਿ ਬਾਕੀ ਦੀਆਂ ਨੇ ਉਹਨਾਂ ਨੂੰ ਸ਼ੁਰੂ ਕਰਨ ਲਈ ਯੋਜਨਾ ਬਣਾਈ ਹੈ।
ਸਾਨੂੰ ਨਵੇਂ ਕੂੜੇਦਾਨਾਂ ਦੀ ਲੋੜ ਕਿਉਂ ਹੈ
ਅਸੀਂ ਆਪਣੇ ਕੂੜੇ-ਕਰਕਟ ਦਾ ਪ੍ਰਬੰਧ ਕਿਵੇਂ ਕਰਦੇ ਹਾਂ ਅਤੇ ਘਰ ਵਿੱਚ ਰੀਸਾਈਕਲ ਕਰਨਾ ਸਾਡੇ ਭਾਈਚਾਰੇ ਦੇ ਰਹਿਣ ਲਈ ਇੱਕ ਸਿਹਤਮੰਦ ਵਾਤਾਵਰਣ ਬਣਾਉਣ ਲਈ ਅਹਿਮ ਹੈ।
ਵਿਕਟੋਰੀਆ ਵਿੱਚ ਕੱਚ ਅਤੇ ਭੋਜਨ ਅਤੇ ਬਗ਼ੀਚੇ ਦੇ ਜੈਵਿਕ ਪਦਾਰਥਾਂ ਲਈ ਨਵੇਂ ਰੀਸਾਈਕਲਿੰਗ ਕੂੜੇਦਾਨਾਂ ਅਤੇ ਸੇਵਾਵਾਂ ਦੀ ਸ਼ੁਰੂਆਤ ਦਾ ਮਤਲਬ ਹੈ ਕਿ ਰੀਸਾਈਕਲ ਕਰਨ ਯੋਗ ਸਮੱਗਰੀ ਦੀ ਪ੍ਰੋਸੈਸਿੰਗ ਸਾਫ਼ ਅਤੇ ਘੱਟ ਗੰਦਗੀ ਵਾਲੀ ਹੋਵੇ।
ਗੰਦਗੀ ਨਾਲ ਆਉਣਾ ਉਦੋਂ ਹੁੰਦਾ ਹੈ ਜਦੋਂ ਕੂੜੇਦਾਨ ਅਤੇ ਰੀਸਾਈਕਲ ਕਰਨ ਵਾਲੀਆਂ ਚੀਜ਼ਾਂ ਨੂੰ ਗ਼ਲਤ ਕੂੜੇਦਾਨ ਵਿੱਚ ਸੁੱਟਿਆ ਜਾਂਦਾ ਹੈ। ਇਹ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਪ੍ਰੋਸੈਸ ਕੀਤੇ ਜਾਣ ਅਤੇ ਨਵੇਂ ਉਤਪਾਦਾਂ ਵਿੱਚ ਬਦਲਣ ਤੋਂ ਰੋਕਦੀ ਹੈ।
ਆਪਣੀਆਂ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਸਹੀ ਢੰਗ ਨਾਲ ਛਾਂਟਣਾ ਗੰਦਗੀ ਆਉਣ ਨੂੰ ਘਟਾਉਂਦਾ ਹੈ। ਇਸਦਾ ਸਾਡੇ ਵਾਤਾਵਰਣ 'ਤੇ ਚੰਗਾ ਪ੍ਰਭਾਵ ਪੈਂਦਾ ਹੈ, ਕਿਉਂਕਿ ਘੱਟ ਕੂੜਾ ਜ਼ਮੀਨ ਵਿੱਚ ਦੱਬਿਆ ਜਾਂਦਾ ਹੈ ਅਤੇ ਨਵੇਂ ਜਾਂ ਕੱਚੇ ਮਾਲ ਦੀ ਜ਼ਰੂਰਤ ਘੱਟ ਜਾਂਦੀ ਹੈ।
ਰੀਸਾਈਕਲ ਕਰਨ ਲਈ ਨਵੀਆਂ ਸੇਵਾਵਾਂ ਅਤੇ ਸਹੂਲਤਾਂ
ਆਉਣ ਵਾਲੇ ਸਾਲਾਂ ਵਿੱਚ, ਕੱਚ ਨੂੰ ਰੀਸਾਈਕਲ ਕਰਨ ਲਈ ਅਤੇ ਭੋਜਨ ਅਤੇ ਬਗ਼ੀਚੇ ਦੇ ਜੈਵਿਕ ਪਦਾਰਥਾਂ (ਬਚੇ-ਖੁਚੇ ਭੋਜਨ ਅਤੇ ਬਗ਼ੀਚੇ ਦੀ ਕਾਂਟੀ-ਛਾਂਟੀ) ਲਈ ਨਵੇਂ ਕੂੜੇਦਾਨ ਅਤੇ ਸੁੱਟਣ ਵਾਲੀਆਂ ਸੇਵਾਵਾਂ ਪੇਸ਼ ਕੀਤੀਆਂ ਜਾ ਰਹੀਆਂ ਹਨ।
ਭੋਜਨ ਅਤੇ ਬਗ਼ੀਚੇ ਦੇ ਜੈਵਿਕ ਪਦਾਰਥਾਂ ਲਈ ਸੇਵਾਵਾਂ
ਅਸੀਂ ਭੋਜਨ ਅਤੇ ਬਗ਼ੀਚੇ ਦੇ ਜੈਵਿਕ ਪਦਾਰਥਾਂ ਵਿੱਚ ਬਚੇ-ਖੁਚੇ ਭੋਜਨ ਅਤੇ ਬਗ਼ੀਚੇ ਦੀ ਕਾਂਟੀ-ਛਾਂਟੀ ਪਾ ਕੇ, ਜ਼ਮੀਨ ਵਿੱਚ ਦੱਬੇ ਜਾਣ ਲਈ ਭੇਜੇ ਜਾਂਦੇ ਕੂੜੇ ਦੀ ਮਾਤਰਾ ਨੂੰ 50% ਤੱਕ ਘਟਾ ਸਕਦੇ ਹਾਂ। ਇਸ ਜੈਵਿਕ ਸਮੱਗਰੀ ਨੂੰ ਬਗ਼ੀਚੇ ਲਈ ਲਾਹੇਵੰਦ ਉਤਪਾਦਾਂ ਵਿੱਚ ਬਦਲਿਆ ਜਾ ਸਕਦਾ ਹੈ, ਜਿਵੇਂ ਕਿ ਮਲਚ ਜਾਂ ਖਾਦ ਜੋ ਅਕਸਰ ਭਾਈਚਾਰਕ ਬਗ਼ੀਚਿਆਂ ਜਾਂ ਸਥਾਨਕ ਪਾਰਕਾਂ ਵਿੱਚ ਵਰਤੀ ਜਾਂਦੀ ਹੈ।
ਤੁਹਾਡੇ ਆਮ ਕੂੜੇਦਾਨ ਵਿੱਚ ਸੁੱਟਿਆ ਗਿਆ ਭੋਜਨ ਜ਼ਮੀਨ ਵਿੱਚ ਦੱਬੇ ਜਾਣ ਲਈ ਜਾਂਦਾ ਹੈ ਜਿਸ ਨਾਲ ਹੋਰ ਗ੍ਰੀਨਹਾਊਸ ਗੈਸਾਂ ਪੈਦਾ ਹੁੰਦੀਆਂ ਹਨ ਜੋ ਧਰਤੀ ਦੇ ਵਾਯੂਮੰਡਲ ਵਿੱਚ ਗਰਮੀ ਨੂੰ ਹੋਰ ਵਧਾਉਣ ਵਾਲੀਆਂ ਗੈਸਾਂ ਹੁੰਦੀਆਂ ਹਨ। ਇਹ ਹਵਾ ਦੀ ਗੁਣਵੱਤਾ, ਜਨਤਕ ਸਿਹਤ ਅਤੇ ਜਲਵਾਯੂ ਤਬਦੀਲੀ ਨੂੰ ਪ੍ਰਭਾਵਿਤ ਕਰਦਾ ਹੈ।
ਕੱਚ ਨੂੰ ਰੀਸਾਈਕਲ ਕਰਨ ਵਾਲੀਆਂ ਸੇਵਾਵਾਂ
ਕੱਚ ਨੂੰ ਵਾਰ-ਵਾਰ ਰੀਸਾਈਕਲ ਕੀਤਾ ਜਾ ਸਕਦਾ ਹੈ ਕਿਉਂਕਿ ਇਹ ਰੀਸਾਈਕਲਿੰਗ ਪ੍ਰਕਿਰਿਆ ਦੁਆਰਾ ਖ਼ਰਾਬ ਨਹੀਂ ਹੁੰਦਾ ਹੈ। ਟੁੱਟਿਆ ਹੋਇਆ ਕੱਚ ਹੋਰ ਰੀਸਾਈਕਲ ਕਰਨ ਯੋਗ ਚੀਜ਼ਾਂ ਜਿਵੇਂ ਕਿ ਗੱਤੇ, ਕਾਗਜ਼ ਅਤੇ ਪਲਾਸਟਿਕ ਵਿੱਚ ਫਸ ਸਕਦਾ ਹੈ ਅਤੇ ਇਨ੍ਹਾਂ ਨੂੰ ਰੀਸਾਈਕਲ ਕਰਨਾ ਔਖਾ ਬਣਾਉਂਦਾ ਹੈ।
ਤੁਹਾਡੀਆਂ ਕੱਚ ਦੀਆਂ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਘਰ ਵਿੱਚ ਕਿਸੇ ਵੱਖਰੇ ਕੂੜੇਦਾਨ ਵਿੱਚ ਪਾ ਕੇ ਜਾਂ ਇਸਨੂੰ ਟ੍ਰਾਂਸਫਰ ਸਟੇਸ਼ਨਾਂ ਵਰਗੇ ਕੂੜਾ ਸੁੱਟਣ ਵਾਲੀਆਂ ਥਾਵਾਂ (ਡ੍ਰੌਪ-ਆਫ਼ ਪੁਆਇੰਟ) 'ਤੇ ਲਿਜਾ ਕੇ ਕੱਚ ਨੂੰ ਨਵੇਂ ਜਾਰ ਅਤੇ ਬੋਤਲਾਂ ਵਿੱਚ ਬਦਲਿਆ ਜਾ ਸਕਦਾ ਹੈ। ਇਹ ਤੁਹਾਡੇ ਰਲਵੀਆਂ-ਮਿਲਵੀਆਂ ਚੀਜ਼ਾਂ ਰੀਸਾਈਕਲ ਕਰਨ ਵਾਲੇ ਕੂੜੇਦਾਨ ਵਿੱਚ ਆਉਣ ਵਾਲੀ ਗੰਦਗੀ ਨੂੰ ਵੀ ਘਟਾਉਂਦਾ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਧੇਰੇ ਰੀਸਾਈਕਲ ਕਰਨ ਯੋਗ ਚੀਜ਼ਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮੁੜ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।
ਸਹਾਇਕ ਸਹੂਲਤਾਂ
ਵਿਕਟੋਰੀਆਈ ਸਰਕਾਰ ਸਥਾਨਕ ਤੌਰ 'ਤੇ ਪਹਿਲਾਂ ਨਾਲੋਂ ਵਧੇਰੇ ਚੀਜ਼ਾਂ ਰੀਸਾਈਕਲ ਕਰਨ ਲਈ ਨਵੇਂ ਜਾਂ ਸੁਧਰੇ ਹੋਏ ਰੀਸਾਈਕਲਿੰਗ ਬੁਨਿਆਦੀ ਢਾਂਚੇ ਵਿੱਚ ਲਗਭਗ 100 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ। ਉਦਾਹਰਨ ਲਈ, ਨਵੀਂ ਤਕਨਾਲੋਜੀ ਵਿੱਚ ਨਿਵੇਸ਼ ਤੁਹਾਡੇ ਕਾਗਜ਼ ਅਤੇ ਗੱਤੇ ਦੀਆਂ ਚੀਜ਼ਾਂ ਰੀਸਾਈਕਲ ਕਰਨ ਨੂੰ ਨਵੇਂ ਕਾਗਜ਼-ਅਧਾਰਿਤ ਉਤਪਾਦਾਂ ਵਿੱਚ ਬਦਲ ਸਕਦਾ ਹੈ।
ਇਹ ਤਬਦੀਲੀਆਂ ਤੁਹਾਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ
ਨਵੀਂ ਰਾਜ ਵਿਆਪੀ ਪ੍ਰਣਾਲੀ ਲਾਗੂ ਹੋਣ ਤੱਕ ਚੀਜ਼ਾਂ ਰੀਸਾਈਕਲ ਕਰਨ ਦੀਆਂ ਸੇਵਾਵਾਂ ਇੱਕ ਕੌਂਸਲ ਤੋਂ ਦੂਜੀ ਕੌਂਸਲ ਤੱਕ ਵੱਖਰੀਆਂ ਹੋਣਗੀਆਂ। ਇਸ ਵਿੱਚ ਸ਼ਾਮਲ ਹੈ ਕਿ ਤੁਹਾਡੇ ਲਈ ਕਿਹੜੀਆਂ ਸੇਵਾਵਾਂ ਉਪਲਬਧ ਹਨ ਅਤੇ ਹਰੇਕ ਕੂੜੇਦਾਨ ਵਿੱਚ ਕੀ ਸੁੱਟਿਆ ਜਾ ਸਕਦਾ ਹੈ। ਅੰਗਰੇਜ਼ੀ ਵਿੱਚ ਹੋਰ ਜਾਣਕਾਰੀ ਲਈ ਆਪਣੀ ਸਥਾਨਕ ਕੌਂਸਲ ਦੀ ਵੈੱਬਸਾਈਟ ਦੇਖੋ।
ਸਹੀ ਢੰਗ ਨਾਲ ਚੀਜ਼ਾਂ ਨੂੰ ਰੀਸਾਈਕਲ ਕਰਨਾ ਕੀਮਤੀ ਸਰੋਤਾਂ ਨੂੰ ਜ਼ਮੀਨ ਵਿੱਚ ਦੱਬੇ ਜਾਣ ਤੋਂ ਦੂਰ ਰੱਖਣ ਵਿੱਚ ਮੱਦਦ ਕਰਦਾ ਹੈ ਤਾਂ ਜੋ ਉਹਨਾਂ ਨੂੰ ਵਾਰ-ਵਾਰ ਵਰਤਿਆ ਜਾ ਸਕੇ।
ਉਹ ਵੇਖਣ ਨੂੰ ਛੋਟੇ ਲੱਗ ਸਕਦੇ ਹਨ, ਪਰ ਤੁਹਾਡੇ ਦੁਆਰਾ ਕੀਤੇ ਕੰਮ ਵਿਕਟੋਰੀਆ ਦੇ ਚਿਰ-ਟਿਕਾਊ ਭਵਿੱਖ 'ਤੇ ਵੱਡਾ ਪ੍ਰਭਾਵ ਪਾਉਂਦੇ ਹਨ।
-
ਆਉਣ ਵਾਲੇ ਸਾਲਾਂ ਵਿੱਚ, ਅਸੀਂ ਨਵੀਆਂ ਰੀਸਾਈਕਲ ਕਰਨ ਵਾਲੀਆਂ ਸੇਵਾਵਾਂ ਅਤੇ ਸਹਾਇਕ ਸੁਵਿਧਾਵਾਂ ਸ਼ੁਰੂ ਕਰਨ ਜਾ ਰਹੇ ਹਾਂ ਤਾਂ ਜੋ ਵਧੇਰੇ ਚੀਜ਼ਾਂ ਨੂੰ ਰੀਸਾਈਕਲ ਕੀਤਾ ਜਾ ਸਕੇ।
ਜਦੋਂ ਤੁਸੀਂ ਸਹੀ ਢੰਗ ਨਾਲ ਰੀਸਾਈਕਲ ਕਰਦੇ ਹੋ ਤਾਂ ਤੁਸੀਂ ਨਵੀਆਂ ਚੀਜ਼ਾਂ ਬਣਾਉਣ ਵਿੱਚ ਮੱਦਦ ਕਰ ਸਕਦੇ ਹੋ।