ਬਚੇ-ਖੁਚੇ ਭੋਜਨ ਨੂੰ ਆਪਣੇ FOGO (ਚਮਕਦਾਰ-ਹਰੇ ਢੱਕਣ ਵਾਲੇ) ਕੂੜੇਦਾਨ ਵਿੱਚ ਪਾਓ

Last updated: 2 August 2024
Share

ਵਿਕਟੋਰੀਆ ਵਿੱਚ ਰੀਸਾਈਕਲਿੰਗ ਹਮੇਸ਼ਾ ਲਈ ਬਦਲ ਰਹੀ ਹੈ। 2030 ਤੱਕ, ਸਾਰੇ ਵਿਕਟੋਰੀਆ ਵਾਸੀਆਂ ਕੋਲ ਫੂਡ ਅਤੇ ਗਾਰਡਨ ਆਰਗੈਨਿਕਸ (FOGO) ਰੀਸਾਈਕਲਿੰਗ ਸੇਵਾ ਤੱਕ ਪਹੁੰਚ ਹੋਵੇਗੀ, ਜਿਸ ਵਿੱਚ ਚਮਕਦਾਰ ਹਰੇ ਢੱਕਣ ਵਾਲਾ ਕੂੜੇਦਾਨ ਸ਼ਾਮਿਲ ਹੈ। ਵਿਕਟੋਰੀਆ ਦੇ ਬਹੁਤ ਸਾਰੇ ਘਰਾਂ ਵਿੱਚ ਪਹਿਲਾਂ ਹੀ ਇਹ ਕੂੜੇਦਾਨ ਮੌਜੂਦ ਹੈ, ਹਾਲਾਂਕਿ, ਤੁਹਾਡੀ ਕੌਂਸਲ ਦੇ ਇਲਾਕੇ ਦੇ ਅਨੁਸਾਰ ਇਨ੍ਹਾਂ ਨੂੰ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾ ਸਕਦਾ ਹੈ। ਉਦਾਹਰਨ ਲਈ, ਤੁਸੀਂ ਇਨ੍ਹਾਂ ਸ਼ਬਦਾਂ ਤੋਂ ਵਧੇਰੇ ਜਾਣੂ ਹੋ ਸਕਦੇ ਹੋ: ਗ੍ਰੀਨ ਆਰਗੈਨਿਕ ਬਿਨ, ਗ੍ਰੀਨ ਬਿਨ, ਗ੍ਰੀਨ ਲਿਡ ਬਿਨ, ਆਰਗੈਨਿਕ ਬਿਨ, ਗਾਰਡਨ ਬਿਨ, ਅਤੇ FOGO ਬਿਨ।

ਇੱਕ ਛੋਟਾ ਜਿਹਾ ਕੰਮ, ਜਿਵੇਂ ਕਿ ਬਚੇ-ਖੁਚੇ ਭੋਜਨ ਅਤੇ ਬਗ਼ੀਚੇ ਦੀ ਕਾਂਟ-ਛਾਂਟ ਨੂੰ ਆਪਣੇ FOGO ਕੂੜੇਦਾਨ ਵਿੱਚ ਪਾਉਣਾ ਅਤੇ ਗ਼ੈਰ-ਜੈਵਿਕ ਕੂੜੇ ਨੂੰ ਇਸਤੋਂ ਬਾਹਰ ਰੱਖਣਾ, ਇੱਕ ਵੱਡਾ ਪ੍ਰਭਾਵ ਪਾਉਂਦਾ ਹੈ। ਫਿਰ ਤੁਹਾਡੇ ਬਚੇ-ਖੁਚੇ ਭੋਜਨ ਨੂੰ ਖਾਦ ਵਿੱਚ ਬਦਲਿਆ ਜਾ ਸਕਦਾ ਹੈ, ਜਿਸਦੀ ਵਰਤੋਂ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਅਤੇ ਵਿਕਟੋਰੀਆ ਭਰ ਵਿੱਚ ਖੇਤਾਂ ਅਤੇ ਭਾਈਚਾਰਕ ਬਾਗਾਂ ਦੀ ਮੱਦਦ ਕਰਨ ਲਈ ਕੀਤੀ ਜਾਂਦੀ ਹੈ।

ਵਿਕਟੋਰੀਆ ਵਿਚ ਹਰ ਸਾਲ ਘਰੇਲੂ FOGO ਕੂੜੇਦਾਨਾਂ ਤੋਂ ਔਸਤਨ 667,000 ਟਨ ਤੋਂ ਵੱਧ ਰਹਿੰਦ-ਖੂਹੰਦ ਇਕੱਠੀ ਕੀਤੀ ਜਾਂਦੀ ਹੈ। ਇਹ ਬਰਾਮਦ ਕੀਤੀ ਸਮੱਗਰੀ ਮੈਲਬੌਰਨ ਕ੍ਰਿਕਟ ਗਰਾਊਂਡ (MCG) ਨੂੰ ਦੋ ਵਾਰ ਭਰਨ ਲਈ ਕਾਫ਼ੀ ਹੈ। (ਸਰੋਤ:

Recycling Victoria – Victoria waste projection model – actual materials – organics – municipal solid waste – 2020-21)

FOGO ਕੂੜੇਦਾਨ ਦੀ ਵਰਤੋਂ ਕਿਵੇਂ ਕਰੀਏ?

ਆਪਣੇ ਜੈਵਿਕ ਪਦਾਰਥਾਂ ਨੂੰ ਸਹੀ ਢੰਗ ਨਾਲ ਰੀਸਾਈਕਲ ਕਰਨ ਲਈ ਇਹਨਾਂ ਸੁਝਾਵਾਂ ਦੀ ਪਾਲਣਾ ਕਰੋ।

ਪਲਾਸਟਿਕ ਦੀ ਡੱਬਾਬੰਦੀ ਸਮੱਗਰੀ ਨੂੰ FOGO ਕੂੜੇਦਾਨ ਤੋਂ ਬਾਹਰ ਰੱਖੋ

ਇਹ ਮਹੱਤਵਪੂਰਨ ਹੈ ਕਿ ਤੁਸੀਂ FOGO ਕੂੜੇਦਾਨ ਵਿੱਚ ਪ੍ਰਦੂਸ਼ਕਾਂ, ਜਿਵੇਂ ਕਿ ਪਲਾਸਟਿਕ ਦੀ ਡੱਬਾਬੰਦੀ ਸਮੱਗਰੀ, ਫ਼ਲਾਂ ਦੇ ਸਟਿੱਕਰ ਅਤੇ ਹੋਰ ਗ਼ੈਰ-ਜੈਵਿਕ ਕੂੜਾ-ਕਰਕਟ ਨਾ ਪਾਓ। ਪ੍ਰਦੂਸ਼ਕ ਪ੍ਰੋਸੈਸਿੰਗ ਸੁਵਿਧਾਵਾਂ ਵਿਚਲੇ ਉਪਕਰਨਾਂ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਖ਼ਤਰੇ ਵਿੱਚ ਪਾ ਸਕਦੇ ਹਨ। ਇਹ ਸਮੱਗਰੀ ਦੀ ਮੁੜ-ਵਰਤੋਂ ਕਰਕੇ ਬਣਾਏ ਖਾਦ ਉਤਪਾਦਾਂ ਦੀ ਗੁਣਵੱਤਾ ਨੂੰ ਵੀ ਘਟਾ ਸਕਦੇ ਹਨ।

ਆਪਣੀ ਕੌਂਸਲ ਦੀ ਵੈੱਬਸਾਈਟ ਦੇਖੋ

ਜੇਕਰ ਤੁਹਾਨੂੰ ਪੱਕਾ ਪਤਾ ਨਹੀਂ ਹੈ ਕਿ ਫੂਡ ਐਂਡ ਗਾਰਡਨ ਆਰਗੈਨਿਕਸ ਬਿਨ (FOGO ਕੂੜੇਦਾਨ) ਵਿੱਚ ਕੀ ਜਾਂਦਾ ਹੈ, ਤਾਂ ਇਹ ਪਤਾ ਕਰਨ ਲਈ ਆਪਣੀ ਕੌਂਸਲ ਦੀ ਵੈੱਬਸਾਈਟ, ਅੰਗਰੇਜ਼ੀ ਵਿੱਚ ਉਪਲਬਧ, 'ਤੇ ਜਾਓ। ਕੌਂਸਲਾਂ ਕੋਲ ਇੱਕ ਸੂਚੀ ਹੁੰਦੀ ਹੈ ਕਿ ਤੁਹਾਡੇ ਇਲਾਕੇ ਵਿੱਚ ਹਰੇਕ ਕੂੜੇਦਾਨ ਵਿੱਚ ਕੀ ਪਾਇਆ ਜਾ ਸਕਦਾ ਹੈ ਅਤੇ ਕੀ ਨਹੀਂ ਪਾਇਆ ਜਾ ਸਕਦਾ ਹੈ।

ਬਚੇ-ਖੁਚੇ ਭੋਜਨ ਨੂੰ ਇਕੱਠਾ ਕਰਨ ਲਈ ਕਿਚਨ ਕੈਡੀ ਦੀ ਵਰਤੋਂ ਕਰੋ।

ਆਪਣੀ ਰਸੋਈ ਵਿੱਚ ਕੋਈ ਛੋਟਾ ਜਿਹਾ ਡੱਬਾ (ਜਿਵੇਂ ਕਿ ਇੱਕ ਆਈਸਕ੍ਰੀਮ ਟੱਬ) ਰੱਖ ਕੇ ਆਪਣੇ ਬਚੇ-ਖੁਚੇ ਭੋਜਨ ਨੂੰ ਛਾਂਟਣਾ ਅਤੇ ਇਕੱਠਾ ਕਰਨਾ ਆਸਾਨ ਬਣਾਓ। ਤੁਸੀਂ ਇਹ ਵੀ ਪਤਾ ਕਰ ਸਕਦੇ ਹੋ ਕਿ ਕੀ ਤੁਹਾਡੀ ਕੌਂਸਲ ਕਿਚਨ ਕੈਡੀ ਦਿੰਦੀ ਹੈ। ਜਦੋਂ ਇਹ ਡੱਬਾ ਭਰ ਜਾਏ, ਤਾਂ ਇਸ ਵਿਚਲੇ ਬਚੇ-ਖੁਚੇ ਭੋਜਨ ਨੂੰ FOGO ਕੂੜੇਦਾਨ ਵਿੱਚ ਪਾ ਦਿਓ। ਫਿਰ ਇਸਨੂੰ ਧੋ ਕੇ ਮੁੜ ਰਸੋਈ ਵਿੱਚ ਰੱਖੋ।

ਕੂੜੇਦਾਨ ਦੀ ਬਦਬੂ ਤੋਂ ਬਚੋ

ਤੁਸੀਂ ਇਹਨਾਂ ਸਧਾਰਨ ਸੁਝਾਵਾਂ ਦੀ ਵਰਤੋਂ ਕਰਕੇ ਆਪਣੇ ਕੂੜੇਦਾਨ ਵਿੱਚ ਕੀੜੇ-ਮਕੌੜਿਆਂ ਦੇ ਆਉਣ ਤੋਂ ਬਚ ਸਕਦੇ ਹੋ ਅਤੇ ਬਦਬੂ ਨੂੰ ਘਟਾ ਸਕਦੇ ਹੋ:

  • ਆਪਣੇ FOGO ਕੂੜੇਦਾਨ ਦੇ ਢੱਕਣ ਨੂੰ ਬੰਦ ਕਰਕੇ ਕਿਸੇ ਛਾਂਦਾਰ ਥਾਂ ਵਿੱਚ ਰੱਖੋ।
  • ਯਕੀਨੀ ਬਣਾਓ ਕਿ ਕੂੜੇਦਾਨ ਦਾ ਢੱਕਣ ਪੂਰੀ ਤਰ੍ਹਾਂ ਬੰਦ ਹੈ।
  • ਬਚੇ-ਖੁਚੇ ਭੋਜਨ ਦੇ ਵਿਚਕਾਰ ਬਗੀਚੇ ਦੀ ਕਾਂਟ-ਛਾਂਟ (ਜਿਵੇਂ ਕਿ ਪੱਤੇ ਅਤੇ ਕੱਟੇ ਹੋਏ ਘਾਹ) ਦੀ ਪਰਤ ਬਣਾਓ।

ਰੀਸਾਈਕਲ ਕੀਤੇ ਭੋਜਨ ਅਤੇ ਬਗੀਚੇ ਦੇ ਜੈਵਿਕ ਪਦਾਰਥਾਂ ਦਾ ਕੀ ਹੁੰਦਾ ਹੈ?

ਜਦੋਂ ਤੁਹਾਡੇ ਬਚੇ-ਖੁਚੇ ਭੋਜਨ ਅਤੇ ਬਗੀਚੇ ਦੀ ਕਾਂਟ-ਛਾਂਟ ਨੂੰ ਠੀਕ ਤਰੀਕੇ ਨਾਲ ਛਾਂਟਿਆ ਅਤੇ ਰੀਸਾਈਕਲ ਕੀਤਾ ਜਾਂਦਾ ਹੈ ਤਾਂ ਉਹ ਪੌਸ਼ਟਿਕ ਕੁਦਰਤੀ ਖਾਦ ਬਣ ਜਾਂਦੇ ਹਨ। ਵਿਕਟੋਰੀਆ ਭਰ ਦੇ ਖੇਤਾਂ ਅਤੇ ਭਾਈਚਾਰਕ ਬਗੀਚਿਆਂ ਵਿੱਚ ਇਸ ਕੁਦਰਤੀ ਖਾਦ ਦੀ ਵਰਤੋਂ ਭੋਜਨ ਨੂੰ ਦੁਬਾਰਾ ਉਗਾਉਣ ਵਿੱਚ ਮੱਦਦ ਕਰਨ ਲਈ ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਕੀਤੀ ਜਾਂਦੀ ਹੈ।

FOGO ਕੂੜੇਦਾਨ ਦੀ ਸਮੱਗਰੀ ਲਾਇਸੈਂਸ ਪ੍ਰਾਪਤ ਕੁਦਰਤੀ ਖਾਦ ਬਣਾਉਣ ਵਾਲੀ ਸਹੂਲਤ ਵਿੱਚ ਜਾਂਦੀ ਹੈ। ਇਹ ਸਹੂਲਤਾਂ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਕਈ ਪ੍ਰਕਿਰਿਆਵਾਂ ਅਤੇ ਟੈਸਟ ਕਰਦੀਆਂ ਹਨ। ਇਸ ਵਿੱਚ ਸਮੱਗਰੀ ਨੂੰ ਅੱਗੇ ਪ੍ਰਕਿਰਿਆ ਕਰਨ ਤੋਂ ਪਹਿਲਾਂ ਪ੍ਰਦੂਸ਼ਕਾਂ ਨੂੰ ਹਟਾਉਣਾ ਸ਼ਾਮਿਲ ਹੁੰਦਾ ਹੈ। ਰੀਸਾਈਕਲ ਕਰਕੇ ਬਣਾਏ ਖਾਦ ਉਤਪਾਦਾਂ ਦੀ ਨਿਯਮਿਤ ਤੌਰ 'ਤੇ ਇਹ ਯਕੀਨੀ ਬਣਾਉਣ ਲਈ ਜਾਂਚ ਕੀਤੀ ਜਾਂਦੀ ਹੈ ਕਿ ਉਹ ਉਤਪਾਦ ਦੁਬਾਰਾ ਭੋਜਨ ਉਗਾਉਣ ਲਈ ਵਰਤਣ ਲਈ ਸੁਰੱਖਿਅਤ ਹਨ।

ਵਿਕਟੋਰੀਆ ਵਿੱਚ ਜੈਵਿਕ ਸਮੱਗਰੀ ਨੂੰ ਕੁਦਰਤੀ ਖਾਦ ਵਿੱਚ ਬਦਲਣ ਲਈ ਸਖ਼ਤ ਨਿਯਮ ਅਤੇ ਮਾਪਦੰਡਾਂ ਦੀ ਪਾਲਣਾ ਕੀਤੀ ਜਾਂਦੀ ਹੈ। ਸੰਚਾਲਕਾਂ ਵੱਲੋਂ 'ਵਾਤਾਵਰਨ ਸੁਰੱਖਿਆ ਅਥਾਰਟੀ' (Environment Protection Authority, EPA) ਦੁਆਰਾ ਨਿਰਧਾਰਿਤ ਨੀਤੀਆਂ ਦੀ ਪਾਲਣਾ ਕਰਨੀ ਲਾਜ਼ਮੀ ਹੈ।

ਕੁਦਰਤੀ ਖਾਦ ਪ੍ਰਾਪਤ ਕਰਨ ਵਾਲਿਆਂ ਵਿੱਚੋਂ ਇੱਕ 'ਫੌਕਨਰ ਫੂਡ ਬੋਲਜ਼' (Fawkner Food Bowls) ਹੈ, ਜੋ ਮੈਲਬੋਰਨ ਦੇ ਉੱਤਰ ਵਿੱਚ ਸਥਿਤ ਇੱਕ ਸ਼ਹਿਰੀ ਫਾਰਮ ਹੈ। ਇਹ ਭਾਈਚਾਰਕ ਪਹਿਲਕਦਮੀ ਇਲਾਕੇ ਦੇ ਬਹੁ-ਸੱਭਿਆਚਾਰਕ ਭਾਈਚਾਰਿਆਂ ਅਤੇ ਭੋਜਨ ਚੈਰਿਟੀ ਪ੍ਰੋਗਰਾਮਾਂ ਨੂੰ ਤਾਜ਼ਾ ਖਾਣਾ ਉਗਾਉਣ ਅਤੇ ਪ੍ਰਦਾਨ ਕਰਨ ਲਈ ਭੋਜਨ ਅਤੇ ਬਗੀਚੇ ਦੀ ਰਹਿੰਦ-ਖੂੰਹਦ ਤੋਂ ਬਣੀ ਕੁਦਰਤੀ ਖਾਦ ਦੀ ਵਰਤੋਂ ਕਰਦੀ ਹੈ।

ਤੁਹਾਡੇ ਬਚੇ-ਖੁਚੇ ਭੋਜਨ ਅਤੇ ਬਗੀਚੇ ਦੀ ਕਾਂਟ-ਛਾਂਟ ਨੂੰ ਰੀਸਾਈਕਲ ਕਰਨਾ ਮਹੱਤਵਪੂਰਨ ਕਿਉਂ ਹੈ?

ਤੁਹਾਡੇ ਆਮ ਕੂੜੇਦਾਨ ਵਿੱਚ ਸੁੱਟਿਆ ਗਿਆ ਭੋਜਨ ਲੈਂਡਫਿਲ ਵਿੱਚ (ਧਰਤੀ ਵਿੱਚ ਦੱਬੇ ਜਾਣ ਲਈ) ਜਾਂਦਾ ਹੈ। ਉੱਥੇ ਇਹ ਹਾਨੀਕਾਰਕ ਗ੍ਰੀਨਹਾਊਸ ਗੈਸਾਂ ਪੈਦਾ ਕਰਦਾ ਹੈ ਜੋ ਜਲਵਾਯੂ ਤਬਦੀਲੀ ਵਿੱਚ ਯੋਗਦਾਨ ਪਾਉਂਦੀਆਂ ਹਨ। ਇਹ ਵਾਤਾਵਰਣ ਅਤੇ ਜਨਤਕ ਸਿਹਤ ਲਈ ਖ਼ਤਰਨਾਕ ਹੈ। ਲੈਂਡਫਿਲ ਵਿੱਚ ਕੂੜਾ ਭੇਜਣਾ ਕੌਂਸਲ ਲਈ ਵੀ ਵਧੇਰੇ ਮਹਿੰਗਾ ਹੁੰਦਾ ਹੈ ਅਤੇ ਇਹ ਖ਼ਰਚਾ ਆਖ਼ਿਰਕਾਰ ਉਹਨਾਂ ਨਿਵਾਸੀਆਂ ਦੁਆਰਾ ਚੁੱਕਿਆ ਜਾਂਦਾ ਹੈ ਜੋ ਕੌਂਸਲ ਰੇਟਸ ਦਾ ਭੁਗਤਾਨ ਕਰਦੇ ਹਨ।

ਜਦੋਂ ਤੁਸੀਂ ਆਪਣੇ ਬਚੇ-ਖੁਚੇ ਭੋਜਨ ਨੂੰ 'ਫੂਡ ਐਂਡ ਗਾਰਡਨ ਆਰਗੈਨਿਕਸ ਬਿਨ' (FOGO ਕੂੜੇਦਾਨ) ਵਿੱਚ ਪਾਉਂਦੇ ਹੋ, ਤਾਂ ਤੁਸੀਂ ਸਹਾਇਤਾ ਕਰਦੇ ਹੋ:

  • ਲੈਂਡਫਿਲ ਵਿੱਚ ਜਾਣ ਵਾਲੀ ਸਮੱਗਰੀ ਦੀ ਮਾਤਰਾ ਘਟਾਉਣ ਵਿੱਚ
  • ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਵਿੱਚ
  • ਪੌਸ਼ਟਿਕ ਤੱਤਾਂ ਨਾਲ ਭਰਪੂਰ ਕੁਦਰਤੀ ਖਾਦ ਬਣਾਉਣ ਵਿੱਚ, ਜੋ ਵਿਕਟੋਰੀਆ ਭਰ ਵਿੱਚ ਭੋਜਨ ਨੂੰ ਦੁਬਾਰਾ ਉਗਾਉਣ ਲਈ ਵਰਤੀ ਜਾਂਦੀ ਹੈ।

ਇਹੀ ਕਾਰਨ ਹੈ ਕਿ ਵਿਕਟੋਰੀਆ ਸਰਕਾਰ ਆਰਗੈਨਿਕਸ ਪ੍ਰੋਸੈਸਿੰਗ ਸਹੂਲਤਾਂ ਵਿੱਚ ਵੱਡੇ ਨਿਵੇਸ਼ ਕਰ ਰਹੀ ਹੈ। ਇਹ ਸਹੂਲਤਾਂ ਵਿਕਟੋਰੀਆ ਵਿੱਚ ਤੁਹਾਡੇ ਭੋਜਨ ਅਤੇ ਬਗੀਚੇ ਦੀ ਵਧੇਰੇ ਰਹਿੰਦ-ਖੂੰਹਦ ਨੂੰ ਰੀਸਾਈਕਲ ਕਰਨ ਵਿੱਚ ਮੱਦਦ ਕਰਨਗੀਆਂ।

ਕੀ ਤੁਹਾਡੇ ਕੋਲ ਆਪਣੇ ਇਲਾਕੇ ਵਿਚਲੀਆਂ ਭੋਜਨ ਅਤੇ ਬਗੀਚੇ ਦੇ ਜੈਵਿਕ ਪਦਾਰਥਾਂ ਨੂੰ ਰੀਸਾਈਕਲਿੰਗ ਕਰਨ ਵਾਲੀਆਂ ਸੇਵਾਵਾਂ ਬਾਰੇ ਕੋਈ ਸਵਾਲ ਹੈ? ਅੰਗਰੇਜ਼ੀ ਭਾਸ਼ਾ ਵਿੱਚ ਹੋਰ ਜਾਣਕਾਰੀ ਲੱਭਣ ਲਈ ਆਪਣੀ ਸਥਾਨਕ ਕੌਂਸਲ ਦੀ ਵੈੱਬਸਾਈਟ ਦੇਖੋ। ਤੁਸੀਂ ਹੇਠਾਂ ਦਿੱਤੀ ਅੰਗ੍ਰੇਜ਼ੀ ਵੀਡੀਓ ਵੀ ਦੇਖ ਸਕਦੇ ਹੋ, ਜਿਸ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਆਪਣੇ FOGO ਕੂੜੇਦਾਨ ਨੂੰ ਠੀਕ ਤਰੀਕੇ ਨਾਲ ਛਾਂਟਣਾ ਕਿਉਂ ਮਹੱਤਵਪੂਰਨ ਹੈ।

ਇੱਥੇ ਕਲਿੱਕ ਕਰਕੇ ਉਹਨਾਂ ਛੋਟੇ ਕੰਮਾਂ ਬਾਰੇ ਹੋਰ ਜਾਣੋ ਜੋ ਤੁਸੀਂ ਕੂੜੇ ਨੂੰ ਘਟਾਉਣ, ਵਧੇਰੇ ਰੀਸਾਈਕਲ ਕਰਨ ਅਤੇ ਵਾਤਾਵਰਣ 'ਤੇ ਵੱਡਾ ਪ੍ਰਭਾਵ ਪਾਉਣ ਲਈ ਕਰ ਸਕਦੇ ਹੋ।