ਹਫ਼ਤੇ ਵਿੱਚ ਇੱਕ ਵਾਰ ਬਚਿਆ ਹੋਇਆ ਭੋਜਨ ਖਾਓ
ਛੋਟੇ-ਛੋਟੇ ਕੰਮ ਹੀ ਵੱਡਾ ਪ੍ਰਭਾਵ ਪਾਉਂਦੇ ਹਨ
ਭੋਜਨ ਦੀ ਬਰਬਾਦੀ ਦੀ ਤੁਹਾਡੇ ਬੈਂਕ ਖਾਤੇ ਅਤੇ ਸਾਡੀ ਧਰਤੀ ਦੋਵਾਂ ਲਈ ਹੀ ਵੱਡੀ ਕੀਮਤ ਹੁੰਦੀ ਹੈ। ਪਰ ਤੁਸੀਂ ਬਰਬਾਦ ਹੋਣ ਵਾਲੇ ਭੋਜਨ ਨੂੰ ਘਟਾ ਸਕਦੇ ਹੋ - ਅਤੇ ਆਪਣਾ ਕੀਮਤੀ ਸਮਾਂ ਅਤੇ ਪੈਸਾ ਬਚਾ ਸਕਦੇ ਹੋ - ਸਿਰਫ਼ ਹਫ਼ਤੇ ਵਿੱਚ ਇੱਕ ਵਾਰ ਬਚੇ ਹੋਏ ਭੋਜਨ ਨੂੰ ਖਾਣ ਦੀ ਯੋਜਨਾ ਬਣਾ ਕੇ।
ਇਸ ਛੋਟੇ ਜਿਹੇ ਕੰਮ ਦਾ ਵਿਕਟੋਰੀਆ ਦੇ ਚਿਰ-ਟਿਕਾਊ ਭਵਿੱਖ 'ਤੇ ਵੱਡਾ ਪ੍ਰਭਾਵ ਪੈਂਦਾ ਹੈ।
ਇਹ ਅਹਿਮ ਕਿਉਂ ਹੈ
ਵਿਕਟੋਰੀਆ ਵਿੱਚ ਭੋਜਨ ਦੀ ਬਰਬਾਦੀ
- ਹਰ ਸਾਲ, ਵਿਕਟੋਰੀਆ ਦੇ ਪਰਿਵਾਰ 250,000 ਟਨ ਖਾਣਯੋਗ ਭੋਜਨ ਸੁੱਟ ਦਿੰਦੇ ਹਨ - ਜੋ ਕਿ ਮੈਲਬੌਰਨ ਦੇ ਯੂਰੇਕਾ ਟਾਵਰ, ਇੱਕ 91 ਮੰਜ਼ਿਲ ਉੱਚੀ ਇਮਾਰਤ ਨੂੰ ਭਰਨ ਲਈ ਕਾਫ਼ੀ ਹੈ।
- ਵਿਕਟੋਰੀਆ ਵਿੱਚ ਔਸਤ ਪਰਿਵਾਰ ਹਰ ਸਾਲ $2,600 ਦਾ ਭੋਜਨ ਕੂੜੇ ਵਿੱਚ ਸੁੱਟ ਦਿੰਦਾ ਹੈ।
- ਵਿਕਟੋਰੀਆਈ ਪਰਿਵਾਰਾਂ ਵੱਲੋਂ ਸੁੱਟੇ ਜਾਣ ਵਾਲੇ ਭੋਜਨ ਦਾ ਲਗਭਗ ਦੋ ਤਿਹਾਈ ਹਿੱਸਾ ਖਾਧਾ ਜਾ ਸਕਦਾ ਸੀ।
(Sustainability Victoria, Path to Half Report, 2020)
ਵਾਤਾਵਰਣ 'ਤੇ ਪੈਣ ਵਾਲਾ ਪ੍ਰਭਾਵ
ਤੁਹਾਡੇ ਆਮ ਕੂੜੇਦਾਨ ਵਿੱਚ ਸੁੱਟਿਆ ਗਿਆ ਭੋਜਨ ਲੈਂਡਫਿਲ ਵਿੱਚ (ਧਰਤੀ ਵਿੱਚ ਦੱਬਣ ਲਈ) ਜਾਂਦਾ ਹੈ। ਲੈਂਡਫਿਲ ਵਿੱਚ ਭੋਜਨ ਇਸ ਤਰੀਕੇ ਨਾਲ ਗਲਦਾ ਹੈ ਜੋ ਗ੍ਰੀਨਹਾਊਸ ਗੈਸਾਂ ਪੈਦਾ ਕਰਦਾ ਹੈ, ਜਿਸ ਵਿੱਚ ਮੀਥੇਨ ਗੈਸ ਵੀ ਸ਼ਾਮਲ ਹੈ, ਜੋ ਹਵਾ ਦੀ ਗੁਣਵੱਤਾ ਅਤੇ ਜਨਤਕ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਜਦੋਂ ਅਸੀਂ ਭੋਜਨ ਨੂੰ ਬਰਬਾਦ ਕਰਦੇ ਹਾਂ, ਅਸੀਂ ਆਪਣੇ ਭੋਜਨ ਨੂੰ ਉਗਾਉਣ ਲਈ ਵਰਤੇ ਜਾਂਦੇ ਸਰੋਤਾਂ (ਪਾਣੀ, ਮਿੱਟੀ ਅਤੇ ਊਰਜਾ) ਅਤੇ ਖੇਤਾਂ ਤੋਂ ਬਾਜ਼ਾਰਾਂ ਤੱਕ ਅਤੇ ਸਾਡੇ ਘਰਾਂ ਤੱਕ ਭੋਜਨ ਨੂੰ ਤਿਆਰ ਕਰਨ, ਡੱਬਾਬੰਦ ਕਰਨ ਅਤੇ ਲਿਆਉਣ ਲਈ ਵਰਤੀ ਜਾਂਦੀ ਸਾਰੀ ਊਰਜਾ ਵੀ ਬਰਬਾਦ ਕਰਦੇ ਹਾਂ।
ਨੁਕਤੇ ਅਤੇ ਸੁਝਾਅ
ਸਾਰੇ ਬਚੇ ਹੋਏ ਭੋਜਨ ਅਤੇ ਸਮੱਗਰੀ ਨੂੰ ਵਰਤੋਂ
ਬਚੇ ਹੋਏ ਨੂੰ ਵਰਤਣ ਦੇ ਬਹੁਤ ਸਾਰੇ ਰਚਨਾਤਮਕ ਤਰੀਕੇ ਹਨ:
- ਰੋਟੀ ਪਰਾਂਠੇ ਬਣਾਉਣ ਲਈ ਵਧੇਰੇ ਦਿੱਖ ਅਤੇ ਸੁਆਦ ਲਈ ਬਚੀ ਹੋਈ ਦਾਲ ਪਾ ਕੇ ਆਪਣੇ ਰੋਟੀ ਦੇ ਆਟੇ ਨੂੰ ਵਧੀਆ ਬਣਾਓ।
- ਮਿੱਠੀਆਂ ਚਟਣੀਆਂ ਜਾਂ ਤੁਹਾਡੇ ਮਨਪਸੰਦ ਅਚਾਰ ਪਕਵਾਨਾਂ ਜਿਵੇਂ ਕਿ ਨਿੰਬੂ ਜਾਂ ਗਾਜਰ ਗੋਭੀ ਸ਼ਲਗਮ ਦੇ ਅਚਾਰ ਵਿੱਚ ਮਿਠਆਈ ਦੇ ਵਾਧੂ ਬਚੇ ਹੋਏ ਰਸੇ ਦੀ ਵਰਤੋਂ ਕਰੋ।
- ਬਚੇ ਹੋਏ ਬਰੈੱਡ ਦੇ ਟੁਕੜਿਆਂ ਨੂੰ ਸੁਆਦੀ ਤਲੇ ਹੋਏ ਪਕਵਾਨਾਂ ਲਈ ਜਾਂ ਤੁਹਾਡੀਆਂ ਸਬਜ਼ੀਆਂ ਨੂੰ ਸੰਘਣਾ ਕਰਨ ਲਈ ਬਰੈੱਡ ਦੇ ਚੂਰੇ ਵਿੱਚ ਬਦਲਕੇ ਨਵਾਂ ਜੀਵਨ ਦਿਓ।
- ਪਾਰਸਲੀ ਵਰਗੀਆਂ ਤਾਜ਼ੀਆਂ ਜੜੀ-ਬੂਟੀਆਂ ਨੂੰ ਧੋ ਕੇ ਫ੍ਰੀਜ਼ ਕਰਕੇ, ਜਾਂ ਧੁੱਪ ਵਿਚ (ਜਾਂ ਏਅਰ ਫ੍ਰਾਈਰ ਵਿਚ) ਸੁਕਾ ਕੇ ਉਹਨਾਂ ਦੀ ਵਰਤੇ ਜਾਣ ਦੀ ਮਿਆਦ ਵਧਾਓ।
ਉਪਰੋਕਤ ਸੁਝਾਅ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ (SGND) ਆਫ਼ੀਸਰ ਦੇ ਅੰਦਰ ਸਾਡੇ ਛੋਟੇ ਕੰਮ, ਵੱਡੇ ਪ੍ਰਭਾਵ ਦੇ ਅੰਬੈਸਡਰ, ਡਾ. ਹਰਪ੍ਰੀਤ ਕੰਦਰਾ ਦੁਆਰਾ ਸਥਾਪਤ ਅਤੇ ਮੇਜ਼ਬਾਨੀ ਕੀਤੇ ਗਏ ਭਾਈਚਾਰਕ ਸਮਾਗਮ ਦੇ ਮੈਂਬਰਾਂ ਦੁਆਰਾ ਦਿੱਤੇ ਗਏ ਸਨ। ਇਹ ਸਮਾਗਮ ਸਸਟੇਨੇਬਿਲਟੀ ਵਿਕਟੋਰੀਆ ਦੇ 'ਮੈਨੂੰ ਬਚਿਆ ਹੋਇਆ ਖਾਣਾ ਪਸੰਦ ਹੈ' ਚੁਣੌਤੀ ਵਿੱਚ ਉਹਨਾਂ ਦੀ ਭਾਗੀਦਾਰੀ ਦਾ ਹਿੱਸਾ ਸੀ। ਇਸ ਪੰਨੇ ਦੇ ਹੇਠਾਂ ਇਸ ਸਮੂਹ ਦੇ ਮੈਂਬਰਾਂ ਵੱਲੋਂ ਬਚੇ ਹੋਏ ਭੋਜਨਾਂ ਦੀ ਵਰਤੋਂ ਕਰਦੇ ਹੋਏ ਬਣਾਏ ਗਏ ਕੁੱਝ ਸਵਾਦਿਸ਼ਟ ਪਕਵਾਨਾਂ ਨੂੰ ਦੇਖੋ।
ਸੰਗਠਿਤ ਹੋਵੋ
ਖਾਣਿਆਂ ਦੀ ਯੋਜਨਾ ਬਣਾਉਣਾ, ਸਮਝਦਾਰੀ ਭਰੀ ਖ਼ਰੀਦਦਾਰੀ ਕਰਨਾ ਅਤੇ ਭੋਜਨ ਨੂੰ ਸਹੀ ਢੰਗ ਨਾਲ ਸੰਭਾਲ ਕੇ ਰੱਖਣਾ ਭੋਜਨ ਦੀ ਬਰਬਾਦੀ ਨੂੰ ਘਟਾਉਣ ਅਤੇ ਪੈਸੇ ਬਚਾਉਣ ਵਿੱਚ ਤੁਹਾਡੀ ਮੱਦਦ ਕਰ ਸਕਦਾ ਹੈ।
ਆਪਣੀ ਪੈਂਟਰੀ (ਰਸਦਖ਼ਾਨੇ), ਫਰਿੱਜ ਅਤੇ ਫ੍ਰੀਜ਼ਰ ਨੂੰ ਸੈੱਟ ਕਰੋ ਤਾਂ ਜੋ ਖਾਧੇ ਜਾਣ ਦੀ ਜ਼ਰੂਰਤ ਵਾਲੇ ਭੋਜਨ ਨੂੰ ਦੇਖਣਾ ਆਸਾਨ ਹੋਵੇ।
ਅਗਾਊਂ ਯੋਜਨਾ ਬਣਾਓ
ਭੋਜਨ ਦੀ ਖ਼ਰੀਦਦਾਰੀ ਕਰਨ ਤੋਂ ਪਹਿਲਾਂ, ਜਾਂਚ ਕਰੋ ਕਿ ਤੁਹਾਡੇ ਕੋਲ ਪਹਿਲਾਂ ਤੋਂ ਕੀ ਮੌਜ਼ੂਦ ਹੈ ਅਤੇ ਅਜਿਹੇ ਖਾਣੇ ਦੀ ਯੋਜਨਾ ਬਣਾਓ ਜੋ ਉਹਨਾਂ ਚੀਜ਼ਾਂ ਨੂੰ ਮਿਲਾਕੇ ਬਣਾਇਆ ਜਾ ਸਕਦਾ ਜਿਨ੍ਹਾਂ ਦੀ ਵਰਤੋਂ ਕਰਨ ਦੀ ਲੋੜ ਹੈ।
ਹਫ਼ਤੇ ਭਰ ਲਈ ਭੋਜਨ ਦੀ ਯੋਜਨਾ ਬਣਾਉਂਦੇ ਸਮੇਂ, ਇੱਕੋ ਜਿਹੀਆਂ ਚੀਜ਼ਾਂ ਨਾਲ ਬਣਨ ਵਾਲੇ ਪਕਵਾਨਾਂ ਦੀ ਚੋਣ ਕਰਨ ਦੀ ਕੋਸ਼ਿਸ਼ ਕਰੋ। ਸੋਮਵਾਰ ਨੂੰ ਅੱਧੇ ਗੋਭੀ ਦੇ ਫ਼ੁੱਲ ਦੀ ਲੋੜ ਹੈ? ਕਿਸੇ ਹੋਰ ਦਿਨ ਲਈ ਅਜਿਹੇ ਪਕਵਾਨ ਦੀ ਯੋਜਨਾ ਬਣਾਓ ਜਿਸ ਲਈ ਬਾਕੀ ਦੇ ਅੱਧੇ ਫ਼ੁੱਲ ਦੀ ਲੋੜ ਹੋਵੇ।
ਭੋਜਨ ਨੂੰ ਸਹੀ ਢੰਗ ਨਾਲ ਸੰਭਾਲੋ
ਪਤਾ ਕਰੋ ਕਿ ਤਾਜ਼ੇ ਉਤਪਾਦਾਂ ਨੂੰ ਕਿਵੇਂ ਸੰਭਾਲਣਾ ਹੈ ਤਾਂ ਜੋ ਇਹ ਉਦੋਂ ਤੱਕ ਤਾਜ਼ੇ ਬਣੇ ਰਹਿਣ ਜਦੋਂ ਤੱਕ ਤੁਸੀਂ ਇਹਨਾਂ ਨੂੰ ਵਰਤਣ ਲਈ ਤਿਆਰ ਨਹੀਂ ਹੋ ਜਾਂਦੇ ਹੋ। ਸੈਲਰੀ ਅਤੇ ਗਾਜਰਾਂ ਨੂੰ ਤਾਜ਼ਾ ਅਤੇ ਕੁਰਕੁਰਾ ਰੱਖਣਾ ਸੰਭਵ ਹੈ।
ਖਾਣਾ ਪਕਾਉਣ ਤੋਂ ਬਾਅਦ, ਬਚੇ ਹੋਏ ਭੋਜਨ ਨੂੰ ਚੰਗੀ ਤਰ੍ਹਾਂ ਸੀਲ ਕੀਤੇ, ਸਾਫ਼ ਅਤੇ ਲੇਬਲ ਕੀਤੇ ਗਏ ਡੱਬਿਆਂ ਵਿੱਚ ਸੰਭਾਲੋ। ਉਸ ਹਰ ਭੋਜਨ ਨੂੰ ਫ੍ਰੀਜ਼ ਕਰੋ ਜੋ ਅਗਲੇ 3 ਤੋਂ 4 ਦਿਨਾਂ ਦੇ ਅੰਦਰ ਖਾਧਾ ਨਹੀਂ ਜਾਵੇਗਾ। ਫਿਰ ਜਦੋਂ ਤੁਹਾਨੂੰ ਰਾਤ ਨੂੰ ਖਾਣਾ ਪਕਾਉਣ ਤੋਂ ਛੁੱਟੀ ਦੀ ਲੋੜ ਹੋਵੇ ਜਾਂ ਝਟਪਟ ਦੁਪਹਿਰ ਦੇ ਖਾਣੇ ਦੀ ਲੋੜ ਹੋਵੇ ਤਾਂ ਉਹਨਾਂ ਦਾ ਆਨੰਦ ਮਾਣੋ।
ਇਹਨਾਂ ਬਚੇ ਹੋਏ ਭੋਜਨ ਤੋਂ ਬਣਨ ਵਾਲੇ ਪਕਵਾਨਾਂ ਨੂੰ ਅਜ਼ਮਾਓ
ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਆਫ਼ੀਸਰ ਦੇ ਮੈਂਬਰਾਂ ਵੱਲੋਂ ਦੱਸੀਆਂ ਗਈਆਂ ਇਨ੍ਹਾਂ ਸੁਆਦੀ ਪਕਵਾਨ ਵਿਧੀਆਂ ਨਾਲ ਆਮ ਤੌਰ 'ਤੇ ਸੁੱਟੇ ਜਾਣ ਵਾਲੇ ਭੋਜਨ ਪਦਾਰਥਾਂ ਦੀ ਵਰਤੋਂ ਕਰੋ।
ਇਹਨਾਂ ਬਚੇ ਹੋਏ ਭੋਜਨ ਤੋਂ ਬਣਨ ਵਾਲੇ ਪਕਵਾਨਾਂ ਨੂੰ ਅਜ਼ਮਾਓ
ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦਰਬਾਰ ਆਫ਼ੀਸਰ ਦੇ ਮੈਂਬਰਾਂ ਵੱਲੋਂ ਦੱਸੀਆਂ ਗਈਆਂ ਇਨ੍ਹਾਂ ਸੁਆਦੀ ਪਕਵਾਨ ਵਿਧੀਆਂ ਨਾਲ ਆਮ ਤੌਰ 'ਤੇ ਸੁੱਟੇ ਜਾਣ ਵਾਲੇ ਭੋਜਨ ਪਦਾਰਥਾਂ ਦੀ ਵਰਤੋਂ ਕਰੋ।
-
ਸਮੱਗਰੀ
ਜੜੀ-ਬੂਟੀਆਂ ਸਮੇਤ ਕੋਈ ਵੀ ਅਣਵਰਤੀਆਂ ਸਬਜ਼ੀਆਂ
ਮੱਕੀ ਦਾ ਆਟਾ
ਵੇਸਨ
ਸੁਆਦ ਅਨੁਸਾਰ, ਨਮਕ
ਸੁਆਦ ਅਨੁਸਾਰ, ਪੀਸੀ ਮਿਰਚ (ਵਿਕਲਪਿਕ)
ਤਲ਼ਣ ਲਈ ਤੇਲ (ਜਿਵੇਂ ਕਿ ਕੈਨੋਲਾ ਤੇਲ ਜਾਂ ਚੌਲਾਂ ਦਾ ਤੇਲ)
ਹਦਾਇਤਾਂ
ਆਪਣੀਆਂ ਸਬਜ਼ੀਆਂ ਨੂੰ ਬਲੇੰਡ ਕਰੋ: ਆਪਣੀ ਫਰਿੱਜ ਵਿਚਲੀਆਂ ਉਹਨਾਂ ਸਾਰੀਆਂ ਸਬਜ਼ੀਆਂ, ਜੜੀ-ਬੂਟੀਆਂ ਜਾਂ ਬਚੀਆਂ ਹੋਈਆਂ ਬੀਨਜ਼ ਨੂੰ ਮਿਲਾਓ ਅਤੇ ਬਲੇੰਡ ਕਰੋ। ਉਸ ਮਜ਼ੇਦਾਰ ਕੁਰਕਰੇਪਣ ਲਈ ਥੋੜ੍ਹੀਆਂ ਗਾਜਰਾਂ ਨੂੰ ਪਾਉਣਾ ਨਾ ਭੁੱਲੋ!
ਆਪਣੇ ਪਕੌੜਿਆਂ ਲਈ ਆਟੇ ਨੂੰ ਤਿਆਰ ਕਰੋ: ਇੱਕ ਮਿਲਾਉਣ ਵਾਲੇ ਭਾਂਡੇ ਵਿੱਚ, ਬਲੇੰਡ ਕੀਤੀਆਂ ਸਬਜ਼ੀਆਂ ਨੂੰ ਮੱਕੀ ਦੇ ਆਟੇ ਅਤੇ ਵੇਸਨ ਵਿੱਚ ਮਿਲਾ ਲਓ। ਸਬਜ਼ੀਆਂ ਦੇ ਮਿਸ਼ਰਣ ਦੇ ਹਰ ਇੱਕ ਕੱਪ ਲਈ, ¼ ਕੱਪ ਮੱਕੀ ਦਾ ਆਟਾ, ਅਤੇ ¼ ਕੱਪ ਵੇਸਨ ਮਿਲਾਓ। ਆਪਣੇ ਸੁਆਦ ਅਨੁਸਾਰ ਲੂਣ ਅਤੇ ਪੀਸੀ ਮਿਰਚ (ਮਰਜ਼ੀ ਮੁਤਾਬਕ) ਪਾਓ। ਇਸ ਸਭ ਕੁੱਝ ਨੂੰ ਚੰਗੀ ਤਰ੍ਹਾਂ ਮਿਲਾਓ ਜਦੋਂ ਤੱਕ ਇਹ ਗੁੰਨ੍ਹੇ ਹੋਏ ਆਟੇ ਵਾਂਗ ਇਕਸਾਰ ਨਹੀਂ ਹੋ ਜਾਂਦਾ ਹੈ। ਜੇ ਲੋੜ ਹੋਵੇ ਤਾਂ ਹੋਰ ਮੱਕੀ ਦਾ ਆਟਾ ਅਤੇ ਵੇਸਨ ਪਾਓ। ਤੁਸੀਂ ਆਟੇ ਨੂੰ ਬੁਰਕੀ ਦੇ ਆਕਾਰ ਦੇ ਪਕੌੜਿਆਂ ਵਾਂਗ ਆਕਾਰ ਦੇਣ ਦੇ ਯੋਗ ਹੋਣੇ ਚਾਹੀਦੇ ਹੋ।
ਆਪਣੇ ਵੈਜੀ ਨਗੇਟਸ ਨੂੰ ਤਲੋ: ਇੱਕ ਡੂੰਘੀ ਕੜ੍ਹਾਹੀ/ਤਲ਼ਣ ਵਾਲੇ ਪੈਨ ਜਾਂ ਡੀਪ-ਫ੍ਰਾਈਰ ਨੂੰ ਤੇਲ ਨਾਲ ਭਰੋ। ਆਪਣੇ ਤੇਲ ਨੂੰ 160 ਡਿਗਰੀ ਸੈਲਸੀਅਸ ਤੱਕ ਗਰਮ ਕਰੋ। ਆਪਣੀ ਕੜ੍ਹਾਹੀ/ਪੈਨ ਜਾਂ ਡੀਪ-ਫ੍ਰਾਈਰ ਨੂੰ ਜ਼ਿਆਦਾ ਭੀੜ ਕੀਤੇ ਬਿਨਾਂ ਨਗੇਟਸ ਨੂੰ ਧਿਆਨ ਨਾਲ ਤੇਲ ਵਿੱਚ ਪਾਓ। ਨਗੇਟਸ ਨੂੰ ਉਦੋਂ ਤੱਕ ਤਲੋ ਜਦੋਂ ਤੱਕ ਉਹ ਸੁਨਹਿਰੀ ਰੰਗ ਦੇ ਨਾ ਹੋ ਜਾਣ। ਨਗੇਟਸ ਨੂੰ ਬਾਹਰ ਕੱਢੋ ਅਤੇ ਕਾਗਜ਼ ਦੇ ਤੌਲੀਏ 'ਤੇ ਰੱਖਕੇ ਵਾਧੂ ਤੇਲ ਸੋਖਣ ਦਿਓ। ਉਪਰੋਕਤ ਕਦਮ ਨੂੰ ਉਦੋਂ ਤੱਕ ਦੁਹਰਾਓ ਜਦੋਂ ਤੱਕ ਤੁਹਾਡੇ ਸਾਰੇ ਨਗੇਟਸ ਪੱਕ ਨਹੀਂ ਜਾਂਦੇ ਹਨ।
ਕੁਰਕਰੇ ਬਣਾਉਣ ਲਈ: ਤੇਲ ਦਾ ਤਾਪਮਾਨ 180 ਡਿਗਰੀ ਸੈਲਸੀਅਸ ਤੱਕ ਵਧਾਓ। ਵੈਜੀ ਨਗੇਟਸ ਨੂੰ ਬੈਚਾਂ ਵਿੱਚ ਉਦੋਂ ਤੱਕ ਦੋਬਾਰਾ ਤਲੋ ਜਦੋਂ ਤੱਕ ਉਹ ਸੁਨਹਿਰੀ ਭੂਰੇ ਰੰਗ ਦੇ ਹੋ ਜਾਣ।
ਚੱਟਣੀ ਦੇ ਨਾਲ ਪਰੋਸੋ: ਚਾਹੇ ਇਹ ਟਮਾਟਰ, ਬਾਰਬੀਕਿਊ, ਆਈਓਲੀ ਜਾਂ ਮਿਰਚ ਦੀ ਮਿੱਠੀ ਚੱਟਣੀ ਹੋਵੇ, ਇਹ ਵੈਜੀ ਨਗੇਟਸ ਲਗਭਗ ਕਿਸੇ ਵੀ ਚੱਟਣੀ ਦੇ ਨਾਲ ਸੁਆਦੀ ਲੱਗਦੇ ਹਨ, ਅਤੇ ਬੱਚਿਆਂ ਲਈ ਇਹ ਯਕੀਨੀ ਤੌਰ 'ਤੇ ਪਸੰਦੀਦਾ ਹੋਣਗੇ!
ਬਚੇ ਹੋਏ ਨਗੇਟਸ ਦੇ ਆਟੇ ਨੂੰ ਬਾਅਦ ਵਿੱਚ ਵਰਤੋਂ ਕਰਨ ਲਈ ਫ੍ਰੀਜ਼ਰ ਵਿੱਚ ਸੰਭਾਲੇ ਜਾਣ ਲਈ ਨਗੇਟਸ ਬਣਾਕੇ ਰੱਖੋ। ਫ੍ਰੋਜ਼ਨ ਨਗੇਟਸ ਨੂੰ ਇੱਕ ਝਟਪਟ ਅਤੇ ਕੁਰਕਰੇ ਸਨੈਕ ਲਈ ਆਸਾਨੀ ਨਾਲ ਏਅਰ ਫ੍ਰਾਈਰ ਵਿੱਚ ਤਿਆਰ ਕੀਤਾ ਜਾ ਸਕਦਾ ਹੈ।
-
ਕਮਿਊਨਿਟੀ ਸੈਂਟਰ ਵਿਖੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦਰਬਾਰ ਆਫ਼ੀਸਰ ਦੇ ਗ੍ਰੀਨ ਗੁਰੂਘਰ ਸਮਾਗਮ ਵਿੱਚ, ਰਸੋਈ ਟੀਮ ਨੇ ਬਚੀ ਹੋਈ ਦਾਲ ਨੂੰ ਮੂੰਹ ਵਿੱਚ ਪਾਣੀ ਲਿਆਉਣ ਵਾਲੀ ਭਾਰਤੀ ਰੋਟੀ ਵਿੱਚ ਬਦਲ ਕੇ ਆਪਣੀ ਰਚਨਾਤਮਕਤਾ ਦਾ ਪ੍ਰਦਰਸ਼ਨ ਕੀਤਾ। ਆਪਣੇ ਬਚੇ ਹੋਏ ਖਾਣੇ ਵਿੱਚ ਮਜ਼ੇਦਾਰ ਮੋੜ ਲਿਆਉਣ ਲਈ ਦਾਲ ਵਾਲਾ ਮਿੱਸਾ ਪਰਾਂਠਾ ਬਣਾਕੇ ਅਜ਼ਮਾਓ!
ਸਮੱਗਰੀ
1 ਕੱਪ ਬਚੀ ਹੋਈ ਦਾਲ/ਦਾਲ ਪਕਵਾਨ
3 ਕੱਪ ਕਣਕ ਦਾ ਆਟਾ
1 ਕੱਪ ਕੱਟਿਆ ਹੋਇਆ ਹਰਾ ਪਿਆਜ਼
2 ਚਮਚ ਜੀਰਾ
1 ਚਮਚ ਹਲਦੀ
1 ਚਮਚ ਧਨੀਆ
1 ਚਮਚ ਮੇਥੀ
1 ਚਮਚ ਨਮਕ
ਮੱਖਣ: ਪਰੋਸਣ ਲਈ ਅਤੇ ਤੇਲ
ਹਦਾਇਤਾਂ
ਆਟਾ ਤਿਆਰ ਕਰਨਾ: ਬਚੀ ਹੋਈ ਦਾਲ ਨੂੰ ਇੱਕ ਵੱਡੇ ਹੀਟ-ਪ੍ਰੂਫ ਕਟੋਰੇ ਵਿੱਚ ਗਰਮ ਕਰਕੇ, ਇਸ ਵਿੱਚ ਹਰਾ ਪਿਆਜ਼, ਜੀਰਾ ਅਤੇ ਧਨੀਆ ਮਿਲਾ ਕੇ ਸ਼ੁਰੂ ਕਰੋ। ਇਸਨੂੰ ਕਣਕ ਦਾ ਆਟਾ, ਨਮਕ ਅਤੇ ਕੋਸਾ ਪਾਣੀ ਪਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਮਿਲਾਓ। ਉਦੋਂ ਤੱਕ ਹਿਲਾਓ ਜਦੋਂ ਤੱਕ ਸਮੱਗਰੀ ਚੰਗੀ ਤਰ੍ਹਾਂ ਮਿਲ ਨਾ ਜਾਵੇ।
ਇਕਸਾਰਤਾ ਨੂੰ ਠੀਕ ਕਰਨਾ: ਆਟੇ ਨੂੰ ਉਦੋਂ ਤੱਕ ਗੁੰਨ੍ਹੋ ਜਦੋਂ ਤੱਕ ਇਹ ਨਰਮ ਅਤੇ ਲਚਕੀਲਾ ਨਾ ਬਣ ਜਾਵੇ। ਥੋੜ੍ਹਾ ਜਿਹਾ ਪਾਣੀ ਜਾਂ ਤੇਲ ਮਿਲਾਓ ਜੇ ਇਹ ਬਹੁਤ ਸਖ਼ਤ ਮਹਿਸੂਸ ਹੁੰਦਾ ਹੈ, ਜਾਂ ਜੇ ਇਹ ਬਹੁਤ ਜ਼ਿਆਦਾ ਗਿੱਲਾ ਜਾਂ ਚਿਪਕਿਆ ਹੋਇਆ ਹੈ ਤਾਂ ਹੋਰ ਸੁੱਕਾ ਆਟਾ ਛਿੜਕੋ। ਬਗ਼ੈਰ ਗੰਢਾਂ ਵਾਲੇ ਆਟੇ ਦਾ ਟੀਚਾ ਰੱਖੋ ਜੋ ਤੁਹਾਡੀਆਂ ਉਂਗਲਾਂ ਨਾਲ ਦਬਾਉਣ 'ਤੇ ਇੱਕ ਨਰਮ ਛਾਪ ਛੱਡਦਾ ਹੈ।
ਪਰਾਂਠਾ ਬਣਾਉਣਾ: ਆਟੇ ਨੂੰ ਬਰਾਬਰ ਆਕਾਰ ਦੇ ਪੇੜਿਆਂ ਵਿੱਚ ਵੰਡੋ ਅਤੇ ਵੇਲਣੇ ਦੀ ਵਰਤੋਂ ਕਰਕੇ ਹਰ ਇੱਕ ਨੂੰ ਗੋਲ ਵੇਲੋ।
ਪਰਾਂਠੇ ਨੂੰ ਸੇਕਣਾ: ਪਰਾਂਠੇ ਨੂੰ ਨਾਨ-ਸਟਿਕ ਪੈਨ 'ਤੇ ਦਰਮਿਆਨੀ ਅੱਗ 'ਤੇ ਰੱਖੋ। ਹਰ ਪਾਸੇ ਨੂੰ 10 ਸਕਿੰਟਾਂ ਲਈ ਸੇਕੋ, ਫਿਰ ਬੁਰਸ਼ ਨਾਲ ਮੱਖਣ ਲਗਾਓ ਅਤੇ ਖੁਸ਼ਬੂ ਨੂੰ ਵਧਾਉਣ ਲਈ ਦੁਬਾਰਾ ਸੇਕੋ। ਹਰ ਪਰਾਂਠੇ ਨੂੰ ਲਗਭਗ 1 ਮਿੰਟ ਤੱਕ ਪਕਾਉਣਾ ਚਾਹੀਦਾ ਹੈ। ਸੇਕਣ ਦੌਰਾਨ ਪਰਾਂਠੇ ਨੂੰ ਸੜਣ ਤੋਂ ਬਚਣ ਲਈ
ਪੈਨ ਦੇ ਤਾਪਮਾਨ ਦਾ ਧਿਆਨ ਰੱਖੋ। ਪਰਾਂਠੇ ਨੂੰ ਕਾਗਜ਼ ਦੇ ਤੌਲੀਏ ਦੀਆਂ ਪਰਤਾਂ ਦੇ ਵਿਚਕਾਰ ਇੱਕ-ਦੂਜੇ ਉੱਪਰ ਰੱਖਕੇ ਠੰਡਾ ਹੋਣ ਦਿਓ।
ਪਰੋਸਣਾ: ਮੱਖਣ ਅਤੇ/ਜਾਂ ਦਹੀਂ ਦੇ ਨਾਲ, ਕਿਸੇ ਅਚਾਰ ਦੇ ਨਾਲ ਪਰਾਂਠੇ ਦਾ ਆਨੰਦ ਮਾਣੋ। ਜਾਂ ਫਿਰ, ਇਸਨੂੰ ਆਪਣੀ ਪਸੰਦੀਦਾ ਚੀਜ਼ਾਂ ਭਰਕੇ ਖਾਣ ਲਈ ਇੱਕ ਰੈਪ ਵਜੋਂ ਵਰਤੋਂ।
ਇੱਥੇ ਕਲਿੱਕ ਕਰਕੇ ਉਹਨਾਂ ਛੋਟੇ ਕੰਮਾਂ ਬਾਰੇ ਹੋਰ ਜਾਣੋ ਜੋ ਤੁਸੀਂ ਕੂੜੇ ਨੂੰ ਘਟਾਉਣ, ਵਧੇਰੇ ਰੀਸਾਈਕਲ ਕਰਨ ਅਤੇ ਵਾਤਾਵਰਣ 'ਤੇ ਵੱਡਾ ਪ੍ਰਭਾਵ ਪਾਉਣ ਲਈ ਕਰ ਸਕਦੇ ਹੋ।